ਲੰਡਨ, 24 ਨਵੰਬਰ (ਪੰਜਾਬ ਮੇਲ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੇ ਮੁੜ ਕਿਹਾ ਕਿ ਉਹ ਦੇਸ਼ ਵਿਚ ਪਰਵਾਸੀਆਂ ਦੀ ਆਮਦ ਘਟਾਉਣ ਲਈ ਵਚਨਬੱਧ ਹਨ ਅਤੇ ਦੇਸ਼ ਵਿਚਲੇ ਵੀਜ਼ਾ ਸਿਸਟਮ ਦੀ ਦੁਰਵਰਤੋਂ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ।
ਡੇਲੀ ਮੇਲ ਦੀ ਰਿਪੋਰਟ ਅਨੁਸਾਰ ਸ਼੍ਰੀ ਕੈਮਰੋਨ ਨੇ ਇਹ ਐਲਾਨ ਉਨ੍ਹਾਂ ਸਰਕਾਰੀ ਅੰਕੜਿਆਂ ਪਿੱਛੋਂ ਦਿੱਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਬਰਤਾਨਵੀ ਹੁਨਰਮੰਦ ਨੌਜਵਾਨ ਵਿਹਲੇ ਫਿਰਦੇ ਹਨ, ਪਰ ਗੈਰ-ਯੂਰਪੀ ਯੂਨੀਅਨ ਦੇਸ਼ਾਂ ਦੇ ਹਜ਼ਾਰਾਂ ਪਰਵਾਸੀ ਦੇਸ਼ ਵਿਚ ਦਾਖਲ ਹੋ ਕੇ ਨੌਕਰੀਆਂ ਲੈ ਰਹੇ ਹਨ । ਇਸ ਸਬੰਧੀ ਹੋਈ ਪੜਤਾਲ ਵਿਚ ਵੀ ਇਹੀ ਤੱਥ ਸਾਹਮਣੇ ਆਏ ਹਨ ਕਿ ਜਿਨ੍ਹਾਂ ਪਰਵਾਸੀਆਂ ਨੂੰ ‘ਬੇਹੱਦ ਹੁਨਰਮੰਦ’ ਦੇ ਵਰਗ ਵਿਚ ਰੱਖ ਕੇ ਲਿਆਂਦਾ ਜਾਂਦਾ ਹੈ, ਉਹ ਇਥੇ ਫਾਸਟ ਫੂਡ ਦੁਕਾਨਾਂ, ਗੋਦਾਮਾਂ ਅਤੇ ਇਮਾਰਤ ਉਸਾਰੀ ਦੇ ਮਾਮੂਲੀ ਕੰਮ ’ਤੇ ਲਗਦੇ ਹਨ।
ਉਧਰ ਬਿਜ਼ਨਸ ਭਾਈਚਾਰਾ ਇਹ ਰੌਲਾ ਪਾ ਰਿਹਾ ਹੈ ਕਿ ਜੇ ਆਰਥਿਕ ਪਰਵਾਸ ਬਿਲਕੁਲ ਰੋਕ ਦਿੱਤਾ ਗਿਆ ਤਾਂ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਜਾਣਗੇ । ਇਸ ਧਾਰਨਾ ਨੇ ਅਧਿਕਾਰੀਆਂ ਦੀ ਸੋਚ ਵਿਚ ਅਨੇਕ ਤਰ੍ਹਾਂ ਦੇ ਸ਼ੱਕ ਭਰ ਦਿੱਤੇ ਹਨ । ਇਸ ਮੁੱਦੇ ’ਤੇ ਬਰਤਾਨਵੀ ਸਰਕਾਰ ਕੋਈ ਐਲਾਨ ਕਰ ਸਕਦੀ ਹੈ ਜਿਸ ਅਨੁਸਾਰ ਅਗਲੇ ਸਾਲ ਗੈਰ-ਯੂਰਪੀ ਯੂਨੀਅਨ ਦੇਸ਼ਾਂ ਦੇ ਕੇਵਲ 10 ਹਜ਼ਾਰ ਵਰਕਰਾਂ ਨੂੰ ਹੀ ਕੰਮ ਕਰਨ ਦੇ ਪਰਮਿਟ ਦਿੱਤੇ ਜਾਣਗੇ ਜਦੋਂ ਕਿ ਹੁਣ 50 ਹਜ਼ਾਰ ਅਜਿਹੇ ਪਰਮਿਟ ਜਾਰੀ ਹੁੰਦੇ ਹਨ।
No comments:
Post a Comment