ਏਸ਼ਿਆਈ ਖੇਡਾਂ ਤਕਰੀਬਨ ਚਾਰ ਅਰਬ ਲੋਕਾਂ ਦੀਆਂ ਖੇਡਾਂ ਹਨ। ਇਹ ਕੁਲ ਦੁਨੀਆ ਦੀ ਦੋ ਤਿਹਾਈ ਵਸੋਂ ਬਣਦੀ ਹੈ। ਓਲੰਪਿਕ ਖੇਡਾਂ ਤੋਂ ਬਾਅਦ ਇਹ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ। ਐਤਕੀਂ ਇਹ ਖੇਡ ਮੇਲਾ 12 ਨਵੰਬਰ ਤੋਂ 27 ਨਵੰਬਰ ਤਕ ਚੀਨ ਦੇ ਸ਼ਹਿਰ ਗੁਆਂਗਝੂ ਵਿਚ ਹੋ ਰਿਹੈ। ਇਹ ਦੂਜੀ ਵਾਰ ਹੈ ਕਿ ਚੀਨ ਨੂੰ ਏਸ਼ਿਆਈ ਖੇਡਾਂ ਕਰਾਉਣ ਦਾ ਮੌਕਾ ਮਿਲਿਐ। ਪਹਿਲਾਂ 1990 ’ਚ ਬੀਜਿੰਗ ਵਿਖੇ 11ਵੀਆਂ ਏਸ਼ਿਆਈ ਖੇਡਾਂ ਹੋਈਆਂ ਤੇ ਹੁਣ ਗੁਆਂਗਝੂ ਵਿਖੇ 16ਵੀਆਂ ਏਸ਼ਿਆਈ ਖੇਡਾਂ ਹੋ ਰਹੀਆਂ। 2008 ਦੀਆਂ ਓਲੰਪਿਕ ਖੇਡਾਂ ਵੀ ਚੀਨ ਵਿਚ ਹੋਈਆਂ ਸਨ ਜਿਥੇ ਚੀਨ ਨੇ ਸਭ ਤੋਂ ਵੱਧ ਤਮਗ਼ੇ ਜਿੱਤੇ ਸਨ। ਹੁਣ ਹੋ ਰਹੀਆਂ ਖੇਡਾਂ ਸਭ ਤੋਂ ਵੱਡੀਆਂ ਹਨ ਜਿਨ੍ਹਾਂ ਵਿਚ 45 ਮੁਲਕਾਂ ਦੇ ਦਸ ਹਜ਼ਾਰ ਖਿਡਾਰੀ 42 ਪ੍ਰਕਾਰ ਦੀਆਂ ਖੇਡਾਂ ਵਿਚ ਭਾਗ ਲੈ ਰਹੇ ਹਨ।
ਭਾਰਤ ਏਸ਼ਿਆਈ ਖੇਡਾਂ ਦਾ ਜਨਮਦਾਤਾ ਹੈ। ਪੰਜਾਬ ਦੇ ਜੰਮਪਲ ਪ੍ਰੋ. ਗੁਰੂ ਦੱਤ ਸੋਂਧੀ ਇਨ੍ਹਾਂ ਖੇਡਾਂ ਦੇ ਪਿਤਾਮਾ ਮੰਨੇ ਜਾਂਦੇ ਹਨ। ਇਨ੍ਹਾਂ ਖੇਡਾਂ ਦਾ ਬੀਜ ਤਾਂ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਹੀ ਫਾਰ ਈਸਟਰਨ ਖੇਡਾਂ ਦੇ ਰੂਪ ਵਿਚ ਬੀਜਿਆ ਗਿਆ ਸੀ ਪਰ ਫਲ ਪੈਣ ਨੂੰ ਕਈ ਦਹਾਕੇ ਲੱਗ ਗਏ। 1948 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਮੌਕੇ ਏਸ਼ਿਆਈ ਖੇਡਾਂ ਕਰਾਉਣ ਦੀ ਗੱਲ ਚੱਲੀ। ਏਸ਼ੀਅਨ ਰੀਲੇਸ਼ਨਜ਼ ਕਾਨਫਰੰਸ ਦੇ ਮੌਕੇ ਬਾਕਾਇਦਾ ਏਸ਼ਿਆਈ ਖੇਡਾਂ ਕਰਾਉਣ ਦਾ ਮਤਾ ਪਕਾਇਆ ਗਿਆ ਤੇ ਪਹਿਲੀਆਂ ਏਸ਼ਿਆਈ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਨਵੀਂ ਦਿੱਲੀ ਨੂੰ ਸੌਂਪੀ ਗਈ।
ਪਹਿਲੀਆਂ ਏਸ਼ਿਆਈ ਖੇਡਾਂ 1950 ਵਿਚ ਹੋਣੀਆਂ ਸਨ ਪਰ ਇਹ ਪਛੜ ਕੇ ਮਾਰਚ 1951 ਵਿਚ ਹੋਈਆਂ। ਇਨ੍ਹਾਂ ਖੇਡਾਂ ਲਈ ਦਿੱਲੀ ਦੇ ਪੁਰਾਣੇ ਕਿਲੇ ਕੋਲ ਨੈਸ਼ਨਲ ਸਟੇਡੀਅਮ ਉਸਾਰਿਆ ਗਿਆ ਜੋ ਇੰਡੀਆ ਗੇਟ ਦੇ ਸਾਹਮਣੇ ਪੈਂਦਾ ਹੈ। ਹੁਣ ਇਸ ਦਾ ਨਾਂ ਮੇਜਰ ਧਿਆਨ ਚੰਦ ਸਟੇਡੀਅਮ ਹੈ। ਮਹਾਰਾਜਾ ਯਾਦਵਿੰਦਰ ਸਿੰਘ ਨੂੰ 1949 ਵਿਚ ਬਣਾਈ ਏਸ਼ੀਅਨ ਗੇਮਜ਼ ਫੈਡਰੇਸ਼ਨ ਦੇ ਪਰਧਾਨ ਬਣਾਇਆ ਗਿਆ ਸੀ ਤੇ ਪ੍ਰੋ. ਗੁਰੂ ਦੱਤ ਸੋਂਧੀ ਆਨਰੇਰੀ ਸਕੱਤਰ ਸਨ। ਐਂਥੋਨੀ ਡੀ ਮੈਲੋ, ਐਮ. ਐਲ. ਕਪੂਰ ਤੇ ਦੇਵਦਾਸ ਗਾਂਧੀ ਦਾ ਉਨ੍ਹਾਂ ਖੇਡਾਂ ਵਿਚ ਵਿਸ਼ੇਸ਼ ਰੋਲ ਸੀ।
ਏਸ਼ਿਆਈ ਖੇਡਾਂ ਦੀ ਮਿਸ਼ਾਲ ਦਿੱਲੀ ਦੇ ਲਾਲ ਕਿਲੇ ਤੋਂ ਨੈਸ਼ਨਲ ਸਟੇਡੀਅਮ ਲਿਆਂਦੀ ਗਈ। ਪੈਰਿਸ ਦੀਆਂ ਓਲੰਪਿਕ ਖੇਡਾਂ ਦੇ ਵੈਟਰਨ ਅਥਲੀਟ ਬਰਗੇਡੀਅਰ ਦਲੀਪ ਸਿੰਘ ਨੇ ਮਿਸ਼ਾਲ ਲੈ ਕੇ ਸਟੇਡੀਅਮ ਦਾ ਚੱਕਰ ਲਾਇਆ ਤੇ ਏਸ਼ਿਆਈ ਖੇਡਾਂ ਦੀ ਜੋਤ ਜਗਾਈ। ਪੁਰਾਣੇ ਕਿਲੇ ਤੋਂ ਇੱਕੀ ਤੋਪਾਂ ਦੀ ਸਲਾਮੀ ਦਿੱਤੀ ਗਈ। ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਨਾਹਰਾ ਦਿੱਤਾ। ਗੁਰਬਾਣੀ ਦੇ ਸ਼ਬਦ ‘ਆਗਾਹਾਂ ਕੂ ਤ੍ਰਾਂਘ’ ਦਾ ਅੰਗਰੇਜ਼ੀ ਰੂਪ ‘ਐਵਰ ਆਨਵਰਡ’ ਖੇਡਾਂ ਦੇ ਆਦਰਸ਼ ਵਜੋਂ ਏਸ਼ਿਆਈ ਖੇਡਾਂ ਦੇ ਝੰਡੇ ਦਾ ਅੰਗ ਬਣਾਇਆ ਗਿਆ।
ਨਵੀਂ ਦਿੱਲੀ ਵਿਚ 6 ਪਰਕਾਰ ਦੀਆਂ ਖੇਡਾਂ ਦੇ 57 ਕਰਤਬਾਂ ਵਿਚ 11 ਮੁਲਕਾਂ ਦੇ 489 ਖਿਡਾਰੀਆਂ ਨੇ ਭਾਗ ਲਿਆ। ਭਾਰਤੀ ਦਲ ਦੇ ਝੰਡਾਬਰਦਾਰ ਬਲਦੇਵ ਸਿੰਘ ਨੇ ਖਿਡਾਰੀਆਂ ਵੱਲੋਂ ਸਹੁੰ ਚੁੱਕੀ। ਆਪਣੇ ਹੀ ਘਰ ਵਿਚ ਹੋ ਰਹੀਆਂ ਖੇਡਾਂ ’ਚੋਂ ਭਾਰਤ ਦੇ ਖਿਡਾਰੀਆਂ ਨੇ 15 ਸੋਨੇ, 16 ਚਾਂਦੀ ਤੇ 21 ਤਾਂਬੇ ਦੇ ਤਮਗ਼ੇ ਜਿੱਤ ਕੇ ਮੈਡਲ ਸੂਚੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਜਪਾਨ ਪਹਿਲੇ ਸਥਾਨ ’ਤੇ ਰਿਹਾ। ਇਰਾਨ ਤੀਜੇ ਨੰਬਰ ਉਤੇ ਆਇਆ। ਚੀਨ ਤੇ ਕੋਰੀਆ ਵਰਗੇ ਮੁਲਕ ਇਨ੍ਹਾਂ ਖੇਡਾਂ ’ਚੋਂ ਗ਼ੈਰਹਾਜ਼ਰ ਸਨ।
1954 ਦੀਆਂ ਦੂਜੀਆਂ ਏਸ਼ਿਆਈ ਖੇਡਾਂ ਮਨੀਲਾ ਵਿਚ ਹੋਈਆਂ ਜਿਥੇ 8 ਪਰਕਾਰ ਦੀਆਂ ਖੇਡਾਂ ਦੇ 76 ਕਰਤਬਾਂ ਵਿਚ 19 ਮੁਲਕਾਂ ਦੇ 970 ਖਿਡਾਰੀ ਸ਼ਰੀਕ ਹੋਏ। ਮੈਡਲ ਸੂਚੀ ਵਿਚ ਸਭ ਤੋਂ ਉਪਰ ਜਪਾਨ ਫਿਰ ਫਿਲਪਾਈਨ ਤੇ ਕੋਰੀਆ ਰਹੇ। 1958 ਦੀਆਂ ਤੀਜੀਆਂ ਖੇਡਾਂ ਟੋਕੀਓ ਵਿਚ ਹੋਈਆਂ। ਉਥੇ 13 ਤਰ੍ਹਾਂ ਦੀਆਂ ਖੇਡਾਂ ਦੇ 97 ਈਵੈਂਟਸ ਦੇ ਮੁਕਾਬਲੇ ਹੋਏ ਜਿਨ੍ਹਾਂ ਵਿਚ 16 ਦੇਸ਼ਾਂ ਦੇ 1820 ਖਿਡਾਰੀਆਂ ਨੇ ਭਾਗ ਲਿਆ। ਕੁਲ ਮਿਲਾ ਕੇ ਸਭ ਤੋਂ ਬਹੁਤੇ ਤਮਗ਼ੇ ਜਾਪਾਨ ਨੇ ਜਿੱਤੇ, ਫਿਲਪਾਈਨ ਦੂਜੇ ਤੇ ਕੋਰੀਆ ਫਿਰ ਤੀਜੇ ਥਾਂ ਰਿਹਾ।
1962 ਵਿਚ ਚੌਥੀਆਂ ਏਸ਼ਿਆਈ ਖੇਡਾਂ ਜਕਾਰਤਾ ਵਿਚ ਹੋਈਆਂ। ਉਥੇ 12 ਮੁਲਕਾਂ ਦੇ 1460 ਖਿਡਾਰੀ 13 ਪ੍ਰਕਾਰ ਦੀਆਂ ਖੇਡਾਂ ਵਿਚ ਭਾਗ ਲੈਣ ਗਏ। ਭਾਰਤੀ ਖਿਡਾਰੀਆਂ ਨੇ ਉਥੇ ਚੰਗੀ ਕਾਰਗੁਜ਼ਾਰੀ ਵਿਖਾਈ ਤੇ ਤਮਗ਼ਾ ਸੂਚੀ ਵਿਚ ਇਕ ਵਾਰ ਫਿਰ ਦੂਜਾ ਸਥਾਨ ਹਾਸਲ ਕੀਤਾ। ਨਵੀਂ ਦਿੱਲੀ ਵਾਂਗ ਉਸ ਨੇ ਜਕਾਰਤਾ ਵਿਚ ਵੀ ਏਸ਼ੀਆ ਦੀ ਫੁਟਬਾਲ ਦੀ ਗੁਰਜ ਜਿੱਤ ਲਈ। ਇਹ ਜਾਣ ਕੇ ਹੈਰਾਨੀ ਤੇ ਪਰੇਸ਼ਾਨੀ ਹੁੰਦੀ ਹੈ ਕਿ ਹੁਣ ਕੌਮਾਂਤਰੀ ਪੱਧਰ ਉਤੇ ਫੁਟਬਾਲ ਦੀ ਖੇਡ ਵਿਚ ਕਿਤੇ ਵੀ ਨਾ ਰੜਕਣ ਵਾਲਾ ਭਾਰਤ ਦੋ ਵਾਰ ਕਿਵੇਂ ਏਸ਼ੀਆ ਦਾ ਚੈਂਪੀਅਨ ਬਣਿਆ? ਇਸ ਤੋਂ ਵੀ ਵੱਡੀ ਹੈਰਤ ਵਾਲੀ ਗੱਲ ਹੈ ਕਿ 1956 ’ਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤੀ ਫੁਟਬਾਲ ਟੀਮ ਸੈਮੀ ਫਾਈਨਲ ਵਿਚ ਪੁੱਜ ਗਈ ਸੀ ਤੇ ਵਿਸ਼ਵ ’ਚ ਚੌਥੇ ਸਥਾਨ ਦੀ ਦਾਅਵੇਦਾਰ ਬਣੀ ਸੀ। ਆਜ਼ਾਦ ਭਾਰਤ ਨੇ 1956 ਪਿੱਛੋਂ ਫੁਟਬਾਲ ਦੀ ਖੇਡ ਵਿਚ ਏਹੋ ਤਰੱਕੀ ਕੀਤੀ ਹੈ ਕਿ ਦੁਨੀਆ ਵਿਚ ਚੌਥੇ ਨੰਬਰ ਤੋਂ ਸੌਵੇਂ ਨੰਬਰ ਤੋਂ ਵੀ ਪਿੱਛੇ ਚਲਾ ਗਿਆ ਹੈ!
1966 ਦੀਆਂ ਪੰਜਵੀਆਂ ਏਸ਼ਿਆਈ ਖੇਡਾਂ ਬੈਂਕਾਕ ਵਿਚ ਹੋਈਆਂ ਜਿਥੇ 14 ਤਰ੍ਹਾਂ ਦੀਆਂ ਖੇਡਾਂ ਵਿਚ 16 ਦੇਸ਼ਾਂ ਦੇ 1945 ਖਿਡਾਰੀਆਂ ਨੇ ਭਾਗ ਲਿਆ। ਉਥੇ ਭਾਰਤ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਦੀ ਹਾਕੀ ਦਾ ਸੋਨ-ਤਮਗ਼ਾ ਜਿੱਤਿਆ। ਕੁੱਲ ਮਿਲਾ ਕੇ ਜਾਪਾਨ ਸਭ ਤੋਂ ਉਪਰ, ਕੋਰੀਆ ਦੂਜੇ ਅਤੇ ਥਾਈਲੈਂਡ ਤੀਜੇ ਸਥਾਨ ’ਤੇ ਰਹੇ। ਚਾਰ ਸਾਲ ਬਾਅਦ ਫਿਰ ਬੈਂਕਾਕ ਵਿਚ ਹੀ ਖੇਡਾਂ ਹੋਈਆਂ ਅਤੇ ਮੈਡਲ ਸੂਚੀ ਵਿਚ ਫਿਰ ਜਾਪਾਨ, ਕੋਰੀਆ ਤੇ ਥਾਈਲੈਂਡ ਉਪਰ ਆਏ। ਭਾਰਤ ਹਾਕੀ ਦਾ ਸੋਨ-ਤਮਗ਼ਾ ਮੁੜ ਪਾਕਿਸਤਾਨ ਨੂੰ ਖੁਹਾ ਬੈਠਾ ਜੋ 1998 ਵਿਚ ਦੁਬਾਰਾ ਮਿਲਿਆ।
ਸੱਤਵੀਆਂ ਏਸ਼ਿਆਈ ਖੇਡਾਂ 1974 ਵਿਚ ਤਹਿਰਾਨ ਵਿਖੇ ਹੋਈਆਂ ਜਿਨ੍ਹਾਂ ’ਚ ਲੋਕ ਚੀਨ ਦੇ ਖਿਡਾਰੀ ਪਹਿਲੀ ਵਾਰ ਸ਼ਰੀਕ ਹੋਏ। ਉਥੇ 19 ਮੁਲਕਾਂ ਦੇ 3010 ਖਿਡਾਰੀ 16 ਪ੍ਰਕਾਰ ਦੀਆਂ ਖੇਡਾਂ ’ਚ ਭਾਗ ਲੈਣ ਢੁੱਕੇ। ਹਾਕੀ ਦੇ ਚੋਣਵੇਂ ਖਿਡਾਰੀਆਂ ਦੀ ਇਕ ਏਸ਼ੀਅਨ ਆਲ ਸਟਾਰ ਟੀਮ ਚੁਣੀ ਗਈ ਜਿਸ ਦਾ ਕਪਤਾਨ ਭਾਰਤ ਦੇ ਹਰਮੀਕ ਸਿੰਘ ਨੂੰ ਬਣਾਇਆ ਗਿਆ। ਸਭ ਤੋਂ ਬਹੁਤੇ ਤਮਗ਼ੇ ਫਿਰ ਜਾਪਾਨ ਨੇ ਜਿੱਤੇ ਅਤੇ ਇਰਾਨ ਤੇ ਚੀਨ ਦੂਜੇ ਤੇ ਤੀਜੇ ਥਾਂ ਰਹੇ। 1978 ਦੀਆਂ ਖੇਡਾਂ ਤੀਜੀ ਵਾਰ ਫਿਰ ਬੈਂਕਾਕ ਵਿਚ ਹੀ ਹੋਈਆਂ। 19 ਖੇਡਾਂ ਵਿਚ 19 ਮੁਲਕਾਂ ਦੇ 3842 ਖਿਡਾਰੀਆਂ ਨੇ ਭਾਗ ਲਿਆ। ਤਮਗ਼ੇ ਜਿੱਤਣ ਵਿਚ ਜਾਪਾਨ ਫਿਰ ਅੱਵਲ ਆਇਆ, ਚੀਨ ਦੂਜੇ ਥਾਂ ਰਿਹਾ ਤੇ ਕੋਰੀਆ ਤੀਜੇ ਥਾਂ। ਹੁਸ਼ਿਆਰਪੁਰੀਏ ਬਾਜ਼ੀਗਰਾਂ ਦੇ ਮੁੰਡੇ ਹਰੀ ਚੰਦ ਨੇ ਲੰਮੀਆਂ ਦੌੜਾਂ ’ਚੋਂ ਸੋਨੇ ਦੇ ਦੋ ਤਮਗ਼ੇ ਜਿੱਤ ਕੇ ਧੰਨ-ਧੰਨ ਕਰਾ ਦਿੱਤੀ।
ਨੌਵੀਆਂ ਏਸ਼ਿਆਈ ਖੇਡਾਂ ਦੂਜੀ ਵਾਰ ਨਵੀਂ ਦਿੱਲੀ ਵਿਚ ਹੋਈਆਂ ਜਿਨ੍ਹਾਂ ਲਈ ਭਾਰਤ ਨੇ ਵਿਸ਼ੇਸ਼ ਤਿਆਰੀ ਕੀਤੀ। 21 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ 23 ਮੁਲਕਾਂ ਦੇ 3411 ਖਿਡਾਰੀ ਸ਼ਾਮਲ ਹੋਏ। ਏਸ਼ੀਅਨ ਗੇਮਜ਼ ਫੈਡਰੇਸ਼ਨ ਦਾ ਨਾਂ ਬਦਲ ਕੇ ਓਲੰਪਿਕ ਕੌਂਸਲ ਆਫ਼ ਏਸ਼ੀਆ ਰੱਖ ਲਿਆ ਗਿਆ। ਇਹ ਪਹਿਲੀ ਵਾਰ ਹੋਇਆ ਕਿ ਤਮਗ਼ੇ ਜਿਤਣ ਵਿਚ ਚੀਨ ਸਭ ਤੋਂ ਉਪਰ ਚਲਾ ਗਿਆ ਤੇ ਜਾਪਾਨ ਦੂਜੇ ਥਾਂ ਆ ਗਿਆ। ਤੀਜਾ ਸਥਾਨ ਕੋਰੀਆ ਨੇ ਲਿਆ। ਭਾਰਤ ਦੇ ਘਰ ਵਿਚ ਖੇਡਾਂ ਹੋ ਰਹੀਆਂ ਸਨ ਇਸ ਲਈ ਭਾਰਤ ਦੇ ਖਿਡਾਰੀ ਰਲਾ ਮਿਲਾ ਕੇ 57 ਤਮਗ਼ੇ ਜਿੱਤ ਗਏ ਜਿਨ੍ਹਾਂ ਵਿਚ ਸੋਨੇ ਦੇ 13 ਤਮਗ਼ੇ ਸਨ।
1986 ਦੀਆਂ 10ਵੀਆਂ ਖੇਡਾਂ ਸਿਓਲ ਵਿਚ ਹੋਈਆਂ। ਉਥੇ 25 ਤਰ੍ਹਾਂ ਦੀਆਂ ਖੇਡਾਂ ’ਚ 22 ਦੇਸ਼ਾਂ ਦੇ ਖਿਡਾਰੀ ਭਾਗ ਲੈਣ ਆਏ। ਭਾਰਤ ਦੀ ਪੀ. ਟੀ. ਊਸ਼ਾ ਨੇ ਕਈ ਦੌੜਾਂ ਜਿੱਤੀਆਂ ਤੇ ਉਸ ਨੂੰ ‘ਉਡਣ ਪਰੀ’ ਦਾ ਖ਼ਿਤਾਬ ਦਿੱਤਾ ਗਿਆ। ਭਾਰਤ ਦੇ ਮਰਦਾਂ ਵਿਚੋਂ ਕੇਵਲ ਪਹਿਲਵਾਨ ਕਰਤਾਰ ਸਿੰਘ ਹੀ ਸੋਨੇ ਦਾ ਤਮਗ਼ਾ ਜਿੱਤ ਸਕਿਆ। ਸਰਬੋਤਮ ਸਥਾਨ ਲੈਣ ਲਈ ਚੀਨ ਤੇ ਕੋਰੀਆ ਦੇ ਵਿਚਕਾਰ ਕਾਂਟੇ ਦੀ ਟੱਕਰ ਸੀ। ਅੰਤਮ ਮੈਡਲ ਸੂਚੀ ਵਿਚ ਚੀਨ ਉਪਰ ਚਲਾ ਗਿਆ ਤੇ ਕੋਰੀਆ ਦੂਜੇ ਥਾਂ ਰਿਹਾ। ਜਾਪਾਨ ਇਕ ਟੰਬਾ ਹੋਰ ਹੇਠਾਂ ਆ ਗਿਆ।
1990 ਵਿਚ ਬੀਜਿੰਗ ਦੀਆਂ ਖੇਡਾਂ ਸਮੇਂ ਚੀਨ ਬਹੁਤ ਅੱਗੇ ਨਿਕਲ ਗਿਆ। ਉਸ ਨੇ ਆਪਣੇ ਘਰ ਵਿਚ ਹੋਈਆਂ ਖੇਡਾਂ ’ਚ ਅੱਧੋਂ ਵੱਧ ਤਮਗ਼ੇ ’ਕੱਲੇ ਨੇ ਜਿੱਤੇ। ਉਥੇ ਭਾਰਤੀ ਖਿਡਾਰੀਆਂ ਨਾਲ ਬੜੀ ਬੁਰੀ ਹੋਈ। ਉਹ ਕੇਵਲ ਇਕ ਸੋਨੇ ਦਾ ਤਮਗ਼ਾ ਹੀ ਜਿੱਤ ਸਕੇ ਤੇ ਉਹ ਵੀ ਆਪਣੀ ਦੇਸੀ ਖੇਡ ਕਬੱਡੀ ਦਾ ਜੋ ਪਹਿਲੀ ਵਾਰ ਸ਼ਾਮਲ ਕੀਤੀ ਗਈ ਸੀ। ਉਥੇ ਕੋਰੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਜਾਪਾਨ ਨੇ ਤੀਜਾ। ਬੀਜਿੰਗ ਵਿਚ 29 ਖੇਡਾਂ ਸਨ ਜਿਨ੍ਹਾਂ ’ਚ 36 ਮੁਲਕਾਂ ਦੇ 6122 ਖਿਡਾਰੀਆਂ ਨੇ ਭਾਗ ਲਿਆ।
1994 ਦੀਆਂ 12ਵੀਆਂ ਏਸ਼ਿਆਈ ਖੇਡਾਂ ਹੀਰੋਸ਼ੀਮਾ ਵਿਚ ਹੋਈਆਂ ਜਿਥੇ ਖੇਡਾਂ ਦੀ ਗਿਣਤੀ 34 ਤਕ ਚਲੀ ਗਈ। ਖੇਡਾਂ ’ਚ ਭਾਗ ਲੈਣ ਵਾਲੇ ਮੁਲਕਾਂ ਦੀ ਗਿਣਤੀ 42 ਤੇ ਖਿਡਾਰੀਆਂ ਦੀ ਗਿਣਤੀ 6828 ਹੋ ਗਈ। ਸਿਓਲ ਤੇ ਬੀਜਿੰਗ ਵਾਂਗ ਉਥੇ ਵੀ ਚੀਨ, ਕੋਰੀਆ ਤੇ ਜਾਪਾਨ ਸਭ ਤੋਂ ਉਪਰ ਰਹੇ। 1998 ਵਿਚ ਬੈਂਕਾਕ ਵਿਖੇ ਵੀ ਇਹੋ ਇਤਿਹਾਸ ਦੁਹਰਾਇਆ ਗਿਆ। 13ਵੀਆਂ ਏਸ਼ਿਆਈ ਖੇਡਾਂ ਚੌਥੀ ਵਾਰ ਬੈਂਕਾਕ ਵਿਚ ਹੋਈਆਂ ਤੇ ਉਥੇ 36 ਖੇਡਾਂ ਵਿਚ 41 ਦੇਸ਼ਾਂ ਦੇ 6554 ਖਿਡਾਰੀਆਂ ਨੇ ਭਾਗ ਲਿਆ। ਭਾਰਤ ਦੀ ਹਾਕੀ ਟੀਮ ਦਾ ਸੈਮੀ ਫਾਈਨਲ ਮੈਚ ਪਾਕਿਸਤਾਨ ਨਾਲ ਪੈ ਗਿਆ ਜੋ ਭਾਰਤ ਨੇ ਜਿੱਤਿਆ। ਫਾਈਨਲ ਮੈਚ ਭਾਰਤ ਤੇ ਕੋਰੀਆ ਵਿਚਕਾਰ ਹੋਇਆ ਜੋ ਪੈਨਲਟੀ ਸਟਰੋਕਾਂ ਉਤੇ ਭਾਰਤ ਨੇ ਜਿੱਤ ਕੇ ਦੂਜੀ ਵਾਰ ਸੋਨ-ਤਮਗ਼ਾ ਜਿੱਤਿਆ।
14ਵੀਆਂ ਖੇਡਾਂ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ ਵਿਚ ਹੋਈਆਂ ਜਿਥੇ 38 ਖੇਡਾਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿਚ 44 ਦੇਸ਼ਾਂ ਦੇ 7711 ਖਿਡਾਰੀਆਂ ਨੇ ਜ਼ੋਰ ਅਜ਼ਮਾਈ ਕੀਤੀ। ਚੀਨ ਪਹਿਲੇ, ਦੱਖਣੀ ਕੋਰੀਆ ਦੂਜੇ ਤੇ ਜਪਾਨ ਤੀਜੇ ਥਾਂ ਰਿਹਾ। ਭਾਰਤ ਦੇ ਖਿਡਾਰੀਆਂ ਨੇ 10 ਸੋਨੇ, 12 ਚਾਂਦੀ ਤੇ 13 ਤਾਂਬੇ ਦੇ ਤਮਗ਼ੇ ਜਿੱਤ ਕੇ ਮੈਡਲ ਸੂਚੀ ਵਿਚ ਅੱਠਵਾਂ ਸਥਾਨ ਹਾਸਲ ਕੀਤਾ। ਇਹ ਪਹਿਲਾ ਮੌਕਾ ਸੀ ਕਿ ਉਤਰੀ ਕੋਰੀਆ ਦੇ ਖਿਡਾਰੀ ਦੱਖਣੀ ਕੋਰੀਆ ਵਿਚ ਗਏ। ਮਾਰਚ ਪਾਸਟ ਸਮੇਂ ਦੋਹਾਂ ਕੋਰੀਆਂ ਦੇ ਖਿਡਾਰੀਆਂ ਨੂੰ ਇਕੋ ਸਾਂਝੇ ਝੰਡੇ ਪਿੱਛੇ ’ਕੱਠਿਆਂ ਵੇਖ ਕੇ ਕੁੱਲ ਦੁਨੀਆਂ ਨੂੰ ਖ਼ੁਸ਼ੀ ਹੋਈ। ਇਨ੍ਹਾਂ ਖੇਡਾਂ ਨੂੰ ਦੋਹਾਂ ਕੋਰੀਆਂ ਦੇ ਏਕੀਕਰਨ ਲਈ ਸਮੱਰਪਿਤ ਕੀਤਾ ਗਿਆ।
15ਵੀਆਂ ਏਸ਼ਿਆਈ ਖੇਡਾਂ 2006 ਵਿਚ ਨਿੱਕੇ ਜਿਹੇ ਮੁਲਕ ਕਤਰ ਦੇ ਦੋਹਾ ਸ਼ਹਿਰ ਵਿਚ ਹੋਈਆਂ। ਉਥੇ 45 ਮੁਲਕਾਂ ਦੇ 9520 ਖਿਡਾਰੀ ਢੁੱਕੇ ਜਿਨ੍ਹਾਂ ਨੇ 39 ਖੇਡਾਂ ਵਿਚ ਭਾਗ ਲਿਆ। ਉਥੇ ਚੀਨ ਨੇ 166 ਸੋਨੇ, 87 ਚਾਂਦੀ ਤੇ 63 ਤਾਂਬੇ ਦੇ ਤਮਗ਼ੇ ਜਿੱਤੇ, ਦੱਖਣੀ ਕੋਰੀਆ ਨੇ 58-53-82 ਤੇ ਜਪਾਨ ਨੇ 50-71-77 ਮੈਡਲ ਜਿੱਤੇ। ਭਾਰਤ ਨੇ 10 ਸੋਨੇ, 17 ਚਾਂਦੀ ਤੇ 26 ਤਾਂਬੇ ਦੇ ਤਮਗ਼ੇ ਜਿੱਤ ਕੇ ਮੈਡਲ ਸੂਚੀ ਵਿਚ ਫਿਰ ਅੱਠਵਾਂ ਸਥਾਨ ਹਾਸਲ ਕੀਤਾ। ਹੁਣ ਤਕ ਹੋਈਆਂ 15 ਏਸ਼ਿਆਈ ਖੇਡਾਂ ਵਿਚ ਭਾਰਤ ਦੂਜੇ ਸਥਾਨ ਤੋਂ ਦਸਵੇਂ ਸਥਾਨ ਦੇ ਵਿਚ ਵਿਚਾਲੇ ਆਉਂਦਾ ਰਿਹਾ ਹੈ। 14ਵੀਆਂ ਤੇ 15ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਦਾ ਸਥਾਨ ਅੱਠਵਾਂ ਸੀ। ਗੁਆਂਗਝੂ ਵਿਚ ਵੇਖਦੇ ਹਾਂ ਕਿ ਭਾਰਤ ਦੇ ਖਿਡਾਰੀ ਕਿੰਨੇ ਮੈਡਲ ਜਿੱਤਦੇ ਹਨ ਭਾਰਤ ਮੈਡਲ ਸੂਚੀ ਵਿਚ ਕਿੰਨਵੇਂ ਸਥਾਨ ’ਤੇ ਆਉਂਦਾ ਹੈ? ਜੇਕਰ ਉਪਰਲੇ ਪੰਜਾਂ ਵਿਚ ਆ ਜਾਂਦਾ ਹੈ ਤਾਂ ਇਹ ਭਾਰਤ ਦੀ ਵੱਡੀ ਪ੍ਰਾਪਤੀ ਗਿਣੀ ਜਾਵੇਗੀ।
ਓਲੰਪਿਕ ਖੇਡਾਂ ਵਿਚ ਭਾਰਤ ਦੇ ਖਿਡਾਰੀਆਂ ਦੀਆਂ ਜਿੱਤਾਂ ਦੀ ਬਹੁਤੀ ਆਸ ਨਹੀਂ ਰੱਖੀ ਜਾਂਦੀ ਪਰ ਏਸ਼ਿਆਈ ਖੇਡਾਂ ’ਚ ਜ਼ਰੂਰ ਰੱਖੀ ਜਾਂਦੀ ਹੈ। ਚੀਨ, ਕੋਰੀਆ ਤੇ ਜਾਪਾਨ ਵਰਗੇ ਮੁਲਕ ਖੇਡਾਂ ਵਿਚ ਭਾਰਤ ਤੋਂ ਕਿਤੇ ਅਗਾਂਹ ਹਨ। ਪਹਿਲੀਆਂ ਏਸ਼ਿਆਈ ਖੇਡਾਂ ਤੋਂ ਲੈ ਕੇ 15ਵੀਆਂ ਏਸ਼ਿਆਈ ਖੇਡਾਂ ਤਕ ਭਾਰਤ ਦੇ ਜਿੱਤੇ ਤਮਗ਼ਿਆਂ ਦੀ ਗਿਣਤੀ ਇਸ ਪਰਕਾਰ ਹੈ:
ਸਾਲ ਸੋਨਾ ਚਾਂਦੀ ਤਾਂਬਾ ਸਾਲ ਸੋਨਾ ਚਾਂਦੀ ਤਾਂਬਾ
1951 15 16 21 1954 5 4 9
1958 5 4 4 1962 10 13 11
1966 7 3 11 1970 6 9 10
1974 4 12 12 1978 11 11 6
1982 13 19 25 1986 5 9 23
1990 1 8 14 1994 4 3 15
1998 7 11 17 2002 10 12 13
2006 10 17 26
ਹੁਣ ਤਕ ਹੋਈਆਂ 15 ਏਸ਼ਿਆਈ ਖੇਡਾਂ ਵਿਚ ਚੀਨ ਨੇ 991 ਸੋਨੇ, 673 ਚਾਂਦੀ ਤੇ 472 ਤਾਂਬੇ ਦੇ ਤਮਗ਼ੇ ਜਿੱਤੇ ਹਨ। ਜਪਾਨ ਨੇ 862-839-741, ਦੱਖਣੀ ਕੋਰੀਆ ਨੇ 541-466-583, ਇਰਾਨ ਨੇ 118-128-133 ਤੇ ਭਾਰਤ ਨੇ 114-152-228 ਮੈਡਲ ਜਿੱਤੇ ਹਨ। ਭਾਰਤ ਅਜਿਹਾ ਮੁਲਕ ਹੈ ਜਿਸ ਨੇ ਹਰੇਕ ਏਸ਼ੀਆਡ ਵਿਚ ਭਾਗ ਲਿਆ ਹੈ ਜਦ ਕਿ ਚੀਨ, ਸੋਵੀਅਤ ਸੰਘ ਤੋਂ ਟੁੱਟੇ ਏਸ਼ਿਆਈ ਮੁਲਕ ਤੇ ਕੁਝ ਹੋਰ ਮੁਲਕ ਹਨ ਜਿਨ੍ਹਾਂ ਨੇ ਸਾਰੀਆਂ ਏਸ਼ਿਆਈ ਖੇਡਾਂ ਵਿਚ ਭਾਗ ਨਹੀਂ ਲਿਆ। ਜੇਕਰ ਚੀਨ ਵੀ ਭਾਰਤ ਵਾਂਗ ਸਾਰੀਆਂ ਏਸ਼ਿਆਈ ਖੇਡਾਂ ’ਚ ਭਾਗ ਲੈਂਦਾ ਤਾਂ ਉਹਦੇ ਮੈਡਲਾਂ ਦੀ ਗਿਣਤੀ ਹੋਰ ਵੀ ਕਿਤੇ ਵੱਧ ਹੁੰਦੀ।
No comments:
Post a Comment