ਟੋਰਾਂਟੋ, 25 ਨਵੰਬਰ (ਪੰਜਾਬ ਮੇਲ)- ਸਿਲਵਾਨਿਅਗਮ ਸਿੱਲਾਦੁਰਾਈ ਨੂੰ ਆਪਣੀ ਧੀ ਦਾ ਘਰੋਂ ਭੱਜਣਾ ਅਤੇ ਕਿਸੇ ਨੀਵੀਂ ਜਾਤ ਦੇ ਮੁੰਡੇ ਨਾਲ ਮਿਲਣਾ-ਜੁਲਣਾ ਗਵਾਰਾ ਨਹੀਂ ਸੀ। ਕੁੜੀ ਮੁੰਡੇ ਦੋਵਾਂ ਨੂੰ ਕਾਰ ਹੇਠ ਦਰੜ ਦੇਣ ਦੇ ਇਰਾਦੇ ਨੇ ਹੁਣ ਉਸ ਨੂੰ ਪੰਜ ਸਾਲ ਲਈ ਜੇਲ੍ਹ ’ਚ ਸੁੱਟ ਦਿੱਤਾ ਹੈ।
46 ਸਾਲਾ ਸਿਲਵਾਨਿਅਗਮ ਨੇ ਆਪਣੇ ’ਤੇ ਲੱਗੇ ਤਿੰਨੇ ਗੁਨਾਹ ਕਬੂਲ ਕਰ ਲਏ ਹਨ। ਅਦਾਲਤ ਨੇ ਉਸ ਨੂੰ ਜਾਨਲੇਵਾ ਹਮਲਿਆਂ ’ਚ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਦੀ ਕੈਦ ਦੇ ਹੁਕਮ ਸੁਣਾਏ ਹਨ। 2007 ਦੇ ਜੂਨ ਮਹੀਨੇ ਦੇ ਇਕ ਦਿਨ ਸਿਲਵਾਨਿਅਗਮ ਦਾ ਸਿਰ ਐਸਾ ਘੁੰਮਿਆ ਕਿ ਉਸ ਨੇ ਆਪਣੀ ਵੈਨ ਦੀ ਫੇਟ ਨਾਲ ਆਪਣੀ 16 ਸਾਲਾ ਧੀ ਅਨੀਤਾ, ਉਸ ਦੇ ਪ੍ਰੇਮੀ 18 ਸਾਲਾ ਪ੍ਰਸੱਨਾ ਅਨੰਦਰਾਜਾ ਅਤੇ ਜਵਾਈ ਸੰਦਰਾਸਿੰਘਮ ਨੂੰ ਜ਼ਖ਼ਮੀ ਕਰ ਦਿੱਤਾ ਸੀ।
ਮਾਮਲਾ ਉਦੋਂ ਵਧਿਆ ਜਦੋਂ ਅਨੀਤਾ ਆਪਣੇ ਬਾਪ ਨਾਲ ਲੜ ਝਗੜ ਕੇ ਘਰੋਂ ਨਿਕਲ ਗਈ ਅਤੇ ਤਿੰਨ ਦਿਨਾਂ ਤੱਕ ਵਾਪਸ ਨਹੀਂ ਆਈ। ਝਗੜੇ ਦਾ ਕਾਰਨ ਅਨੀਤਾ ਨਾਲ ਅਨੰਦਰਾਜਾ ਦੀ ਦੋਸਤੀ ਹੀ ਸੀ। ਅਨੀਤਾ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਸ ਦੇ ਬਾਪ ਨੂੰ ਉਸ ਦਾ ਕਿਸੇ ਨੀਵੀਂ ਜਾਤ ਦੇ ਮੁੰਡੇ ਨਾਲ ਮੇਲ ਜੋਲ ਪਸੰਦ ਨਹੀਂ ਸੀ। ਘਟਨਾ ਵਾਲੇ ਦਿਨ ਅਨੀਤਾ ਦੀ ਵੱਡੀ ਭੈਣ ਨੇ ਉਨ੍ਹਾਂ ਦੋਵਾਂ ਨੂੰ ਕਿਸੇ ਮਾਲ ਵਿਚ ਘੁੰਮਦੇ ਵੇਖ ਲਿਆ ਅਤੇ ਉਸ ਨੇ ਫੌਰਨ ਆਪਣੇ ਬਾਪ ਨੂੰ ਸੂਚਿਤ ਕਰ ਦਿੱਤਾ।
ਗੁੱਸੇ ਵਿਚ ਅੰਨ੍ਹੇ ਹੋਏ ਸਿਲਵਾਨਿਅਗਮ ਨੇ ਕੁੜੀ ਨੂੰ ਹੋਰ ਸਮਝਾਉਣ ਬੁਝਾਉਣ ਦੀ ਜਗ੍ਹਾ ਪਾਰਕ ਵਿਚ ਬੈਠਿਆਂ ਦੋਵਾਂ ਜਣਿਆਂ ’ਤੇ ਆਪਣੀ ਵੈਨ ਚੜ੍ਹਾ ਦਿੱਤੀ। ਮੌਕੇ ’ਤੇ ਖਲੋਤੇ ਆਪਣੇ ਜਵਾਈ ਨੂੰ ਵੀ ਫੇਟ ਮਾਰੀ। ਅਨੀਤਾ ਵੈਨ ਦੇ ਹੇਠਾਂ ਫਸ ਕੇ ਪੰਜ ਮੀਟਰ ਘਸੀਟੀ ਗਈ ਜਿਸ ਨਾਲ ਉਸ ਦੇ ਸਿਰ ਅਤੇ ਮੋਢਿਆਂ ’ਤੇ ਸੱਟਾਂ ਵੱਜੀਆਂ ਜਦਕਿ ਸੰਦਰਾਸਿੰਘਮ ਦਾ ਚੂਲਾ ਅਤੇ ਅਨੰਦਰਾਜਾ ਦਾ ਗਿੱਟਾ ਟੁੱਟ ਗਿਆ ਸੀ।
ਸਿਲਵਾਨਿਅਗਮ ’ਤੇ ਗ੍ਰਿਫਤਾਰੀ ਵੇਲੇ ਮੁਢਲੇ ਤੌਰ ’ਤੇ ਇਰਾਦਾ ਕਤਲ ਦੇ ਤਿੰਨ ਕੇਸ ਪਾਏ ਗਏ ਸਨ।
No comments:
Post a Comment