Thursday, November 25, 2010
ਮੈਂ ਤੇ ਮੇਰਾ ਬਚਪਨ
ਅੱਜ ਸਵੇਰ ਤੋਂ ਹੀ ਦਿਲ ਉਦਾਸ ਹੈ, ਪਤਾ ਨਹੀਂ ਕਿਉਂ ਅੱਜ ਬਾਰ–ਬਾਰ ਆਪਣਾ ਬਚਪਨ ਯਾਦ ਆ ਰਿਹਾ ਹੈ। ਉਹ ਨਿੱਕੇ–ਨਿੱਕੇ ਚਾਅ ਤੇ ਨਿੱਕੀਆਂ ਨਿੱਕੀਆਂ ਖੇਡਾਂ, ਬੜੇ ਹੀ ਪਿਆਰੇ ਦਿਨ ਸਨ ਤੇ ਅੱਜ ਕਿੱਥੋਂ ਮੇਰੇ ਸਾਹਮਣੇ ਆ ਕੇ ਖਲੋ ਗਏ ਹਨ। ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਆਪਣੇ ਬਚਪਨ ਵਿਚ ਹੀ ਚਲੀ ਗਈ ਹੋਵਾਂ। ਉਹ ਗੁਰਦੁਆਰੇ ਦੇ ਪੱਕੇ ਥੜ੍ਹੇ ’ਤੇ ਸਾਰੇ ਪਿੰਡ ਦੇ ਨਿਆਣਿਆਂ ਦਾ ਮਿਲ ਕੇ ਖੇਡਣਾ, ਸਾਰਿਆਂ ਨੇ ਟੋਲੀਆਂ ਵਿਚ ਵੰਡੇ ਜਾਣਾ, ਕਿਸੇ ਨੇ ਲੁਕਣਮੀਟੀ ਖੇਡਣੀ, ਕਿਸੇ ਨੇ ਸ਼ਟਾਪੂ ਤੇ ਕਿਸੇ ਨੇ ਟਾਵਾਂ ਠੀਕਰੀਆਂ ਖੇਡਣੀਆਂ ਤੇ ਕਈਆਂ ਨੇ ਬਸ ਕੋਲ ਖਲੋ ਕੇ ਵੇਖੀ ਜਾਣਾ। ਕਦੀ ਵੀ ਕਿਸੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਹੁੰਦੀ। ਚੰਨ ਦੀਆਂ ਚਾਨਣੀਆਂ ਰਾਤਾਂ ’ਤੇ ਜਿਵੇਂ ਸਾਡੇ ਲਈ ਨਵੇਂ ਚਾਅ ਤੇ ਉਮੰਗ ਨਾਲ ਭਰੀਆਂ ਹੋਈਆਂ, ਨਿਆਣਿਆਂ ਦੇ ਨਾਲ–ਨਾਲ ਜਿਵੇਂ ਸਿਆਣਿਆਂ ਨੇ ਵੀ ਰਾਤ ਦੀ ਰੋਟੀ ਖਾ ਕੇ ਥੜ੍ਹੇ ’ਤੇ ਆ ਬੈਠਣਾ। ਪਿਤਾ ਜੀ ਗੁਰੂ ਘਰ ਦੇ ਵਜ਼ੀਰ ਹੋਣ ਦੇ ਨਾਤੇ ਸਾਰੇ ਹੀ ਪਿੰਡ ਵਿਚ ਬਹੁਤ ਅਦਬ ਤੇ ਸਤਿਕਾਰ ਸੀ। ਸਾਰੇ ਸਿਆਣੇ ਅਤੇ ਬਜ਼ੁਰਗਾਂ ਦੇ ਨਾਲ ਕਈ ਬੀਬੀਆਂ ਤੇ ਬੁੱਢੀਆਂ ਮਾਵਾਂ ਵੀ ਆ ਸ਼ਾਮਲ ਹੋਈਆਂ। ਗੁਰਦੁਆਰੇ ਦੇ ਨਾਲ ਹੀ ਬਾਪੂ ¦ਬੜਦਾਰ ਜਾਗਰ ਸਿੰਘ ਦੀ ਹਵੇਲੀ ਸੀ, ਉਹਨੇ ਵੀ ਆਪਣਾ ਮੰਜਾ ਖਿੱਚ ਕੇ ਨੇੜੇ ਕਰ ਲੈਣਾ ਤੇ ਹੌਲੀ–ਹੌਲੀ ਵਾਹਵਾ ਰੌਣਕ ਲੱਗ ਜਾਣੀ ਅਤੇ ਫਿਰ ਪਿਤਾ ਜੀ ਨੇ ਕਦੀ ਭਗਤ ਪ੍ਰਹਿਲਾਦ ਅਤੇ ਕਦੀ ਧਰੂ ਭਗਤ ਦੀ ਸਾਖੀ ਸੁਣਾਉਣੀ। ਸਾਰੇ ਨਿਆਣਿਆਂ ਨੇ ਵੀ ਖੇਡਣਾ ਬੰਦ ਕਰਕੇ ਕੋਲ–ਕੋਲ ਹੋ ਕੇ ਬੈਠ ਜਾਣਾ ਤੇ ਬੜੇ ਆਰਾਮ ਨਾਲ ਚੁੱਪ ਕਰਕੇ ਸਾਖੀਆਂ ਸੁਣਦੇ ਰਹਿਣਾ। ਕਦੀ–ਕਦੀ ਬਾਪੂ ¦ਬੜਦਾਰ ਨੇ ਵੀ ਕੋਈ ਸਾਖੀ ਵਰਗੀ ਕਹਾਣੀ ਸੁਣਾਉਣੀ ਅਤੇ ਸਾਰਿਆਂ ਨੇ ਅੱਧੀ–ਅੱਧੀ ਰਾਤ ਤੱਕ ਬੈਠ ਕੇ ਬੜੇ ਪਿਆਰ ਨਾਲੀ ਰੂ–ਬ–ਰੂ ਯਾਦ ਕਰਨਾ। ਬਰਸਾਤਾਂ ਦੇ ਦਿਨਾਂ ਵਿਚ ਜਦ ਰੋੜੂ ਮੀਂਹ ਵੱਸਣਾ ਤੇ ਗਲੀਆਂ ਵਿਚੋਂ ਮਿੱਟੀ ਰੁੜ ਜਾਣੀ ਤੇ ਅਸੀਂ ਟੁੱਟੀਆਂ ਹੋਈਆਂ ਚੂੜੀਆਂ ਦੇ ਟੋਟੇ ਲੱਭਣੇ ਤੇ ’ਕੱਠੇ ਕਰਨੇ। ਕਦੀ ਕਿਸੇ ਨੂੰ ਕੋਈ ਬਟਨ ਤੇ ਜਾਂ ਮੋਤੀ ਸਿਤਾਰਾ ਲੱਭ ਜਾਣਾ ਤੇ ਸਾਰਿਆਂ ਨੇ ਬੜੇ ਖੁਸ਼ ਹੋਣਾ। ਪਿੰਡ ਦੇ ਨਾਲ ਹੀ ਵੇਈਂ ਨਦੀ ਵਹਿੰਦੀ ਸੀ। ਜਦੋਂ ਪਾਣੀ ਚੜ੍ਹ ਕੇ ਉਤਰਨਾ ਤੇ ਅਸੀਂ ਸਾਰਿਆਂ ਨੇ ਪਤਨ ’ਤੇ ਤੁਰ ਜਾਣਾ ਅਤੇ ਉਥੇ ਰੰਗ-ਬਿਰੰਗੇ ਨਿੱਕੇ–ਨਿੱਕੇ ਗੀਟੇ ਤੇ ਘੋਗੇ ’ਕੱਠੇ ਕਰ ਲੈਣੇ ਤੇ ਘਰ ਲਿਆ ਕੇ ਆਲੇ ਵਿਚ ਰੱਖ ਲੈਣੇ ਤੇ ਫਿਰ ਵਾਰ–ਵਾਰ ਉਨ੍ਹਾਂ ਨੂੰ ਵੇਖਣਾ ਤੇ ਖੁਸ਼ ਹੋਣਾ। ਪਿੰਡ ਦੇ ਬਿਲਕੁਲ ਕੋਲ ਜਿਹੜਾ ਵੇਈਂ ਦਾ ਪੱਤਣ ਸੀ, ਉਥੇ ਤੇ ਜਿਵੇਂ ਸਾਰਾ ਦਿਨ ਮੇਲਾ ਹੀ ਲੱਗਿਆ ਰਹਿਣਾ। ਸਾਰੇ ਪਿੰਡ ਦੀਆਂ ਔਰਤਾਂ ਨੇ ਉਥੇ ਹੀ ਕੱਪੜੇ ਧੋਣੇ, ਉਥੇ ਹੀ ਸੁਕਾਉਣ ਤੇ ਫਿਰ ਉਥੇ ਹੀ ਨਹਾਉਣਾ ਤੇ ਉਧਰ ਨਿਆਣੇ ਕੋਈ ਰੇਤੇ ਦਾ ਘਰ ਬਣਾ ਰਿਹਾ ਹੁੰਦਾ, ਕੋਈ ਪਾਣੀ ਵਿਚ ਤੈਰਨਾ ਸਿੱਖਦਾ, ਕਈਆਂ ਨੇ ਇਕ ਦੂਜੇ ’ਤੇ ਪਾਣੀ ਦੇ ਛਿੱਟੇ ਮਾਰਨੇ ਤੇ ਪਾਣੀ ਵਿਚ ਦੌੜਾਂ ਲਾਉਂਦੇ ਰਹਿਣਾ। ਪਤਾ ਹੀ ਨਾ ਲੱਗਣਾ ਕਿ ਦਿਨ ਕਿਹੜੇ ਵੇਲੇ ਮੁੱਕ ਗਿਆ ਹੈ। ਹਾਂ ਉਸ ਵੇਲੇ ਦਾ ਸਮਾਂ ਅੱਜ ਦੇ ਸਮੇਂ ਨਾਲੋਂ ਬਿਲਕੁਲ ਵੱਖਰਾ ਸੀ ਅਤੇ ਬੱਚੇ ਵੀ ਬਿਲਕੁਲ ਭੋਲੇ–ਭਾਲੇ ਤੇ ਸਿੱਧੇ ਸਾਦੇ ਹੁੰਦੇ ਸਨ। ਅੱਜ ਦਾ ਬੱਚਾ ਬਹੁਤ ਚਾਲਾਕ ਹੈ, ਬਹੁਤ ਚੁਸਤ ਹੈ। ਪਰ ਉਹ ਬਚਪਨ ਤੇ ਉਸ ਸਮੇਂ ਦੇ ਨਜ਼ਾਰੇ ਕੁਦਰਤ ਦੀਆਂ ਰਹਿਮਤਾਂ ਦੇ ਨਾਲ ¦ਬਾ–¦ਬਾ ਭਰਪੂਰ ਹੋਣੇ ਸਨ। ਅੱਜ ਦਾ ਬੱਚਾ ਹਰ ਗੱਲ ’ਤੇ ਆਪਣੇ ਮਾਂ–ਬਾਪ ਨੂੰ ਸਵਾਲ ਕਰਦਾ ਹੈ ਅਤੇ ਜਵਾਬ ਵੀ ਗੱਲ ਹੀ ਮੰਗਦਾ ਹੈ, ਪਰ ਉਸ ਸਮੇਂ ਦੇ ਉਸ ਜ਼ਮਾਨੇ ਦੇ ਬੱਚੇ ਸਵਾਲ ਕਰਦੇ, ਮਾਂ-ਬਾਪ ਦਾ ਸਤਿਕਾਰ ਕਰਦੇ ਸਨ ਅਤੇ ਮਾਂ–ਬਾਪ ਤੋਂ ਡਰਦੇ ਸਨ। ਫਿਰ ਯਾਦ ਆਉਂਦੇ ਹਨ ਉਹ ਗੁੱਡੀਆਂ ਅਤੇ ਪਟੋਲੇ ਜਿਹੜੀ ਸਾਡੀ ਅਤਿ ਪਿਆਰੀ ਖੇਡ ਸੀ, ਨਿੱਕੀਆਂ–ਨਿੱਕੀਆਂ ਗੁੱਡੀਆਂ ਤੇ ਨਿੱਕੇ–ਨਿੱਕੇ ਪਟੋਲੇ ਜਿਵੇਂ ਸਾਡੇ ਲਈ ਦੁਨੀਆਂ ਦੀ ਸਭ ਤੋਂ ਮਹਿੰਗੀ ਅਤੇ ਪਿਆਰੀ ਖੇਡ ਸੀ, ਕਦੀ–ਕਦੀ ਦੋ ਟੋਲੀਆਂ ਬਣ ਕੇ ਗੁੱਡੇ–ਗੁੱਡੀ ਦਾ ਵਿਆਹ ਵੀ ਕਰਨਾ ਤੇ ਸਾਰਾ ਦਿਨ ਵਿਆਹ ਵਰਗਾ ਹੀ ਚਾਅ ਚੜ੍ਹਿਆ ਰਹਿਣਾ। ਹੁਣ ਮੈਂ ਸੋਚਦੀ ਹਾਂ, ਉਦੋਂ ਬੰਦਾ ਰੱਬ ਦੇ ਕਿੰਨਾ ਨੇੜੇ ਸੀ। ਅੱਜ ਦੇ ਜ਼ਮਾਨੇ ਨੂੰ ਕੀ ਪਤਾ ਹੈ, ਜਦੋਂ ਬਰਸਾਤਾਂ ਦੇ ਦਿਨਾਂ ਵਿਚ ਮੀਂਹ ਨਾ ਪੈਣੇ, ਔੜ ਲੱਗ ਜਾਣੀ ਤੇ ਫਸਲਾਂ ਵੀ ਲੇਟ ਹੋ ਜਾਣੀਆਂ ਤੇ ਗਰਮੀ ਨੇ ਵੀ ਕਹਿਰ ਢਾਹ ਦੇਣਾ ਤੇ ਕੁੜੀਆਂ ਨੇ ਗੁੱਡੀ ਸਾੜਨ ਜਾਣਾ, ਗੁੱਡੀ ਨੂੰ ਸਾੜ ਕੇ ਰੋਣਾ ਤੇ ਪਿੱਟਣਾ ਅਤੇ ਕਹਿਣਾ, ਧੀਆਂ, ਧਿਆਣੀਆਂ ਦੀ ਸੁਣ ਵੇ ਰੱਬਾ ਤੇ ਲਉ ਜੀ, ਕੀ ਹੋਣਾ ਝੱਟ ਹੀ ਕਾਲੇ ਸਿਆਹ ਬੱਦਲ ਚੜ੍ਹ ਕੇ ਆ ਜਾਣੇ ਤੇ ਵਰ੍ਹਨਾ ਸ਼ੁਰੂ ਕਰ ਦੇਣਾ। ਵੇਖਦਿਆਂ ਹੀ ਵੇਖਦਿਆਂ ਚਾਰ-ਚੁਫੇਰੇ ਜਲ–ਥਲ ਹੋ ਜਾਣਾ। ਇਹ ਹੁੰਦਾ ਸੀ ਭੋਲਾ-ਭਾਲਾ ਬਚਪਨ ਅਤੇ ਅੱਜ ਦਾ ਬਚਪਨ ਵੇਖ ਕੇ ਲਗਦਾ ਹੀ ਨਹੀਂ ਕਿ ਇਹ ਵੀ ਬਚਪਨ ਹੈ। ਅੱਜ ਦਾ ਬਚਪਨ ਮਾਂ ਬਾਪ ਨੂੰ ਘੂਰਦਾ ਹੈ, ਡਰਾਉਂਦਾ ਹੈ ਅਤੇ ਪੂਰੇ ਰੋਅਬ ਨਾਲ ਆਪਣੀ ਗੱਲ ਮੰਨਵਾ ਲੈਂਦਾ ਹੈ, ਉਹ ਭੋਲਾ-ਭਾਲਾ ਮਾਸੂਮ ਬਚਪਨ ਕਿਤੇ ਗਵਾਚ ਗਿਆ ਹੈ। ਅੱਜ ਦਾ ਬਚਪਨ ਆਪਣੇ ਮਾਂ–ਬਾਪ ਨੂੰ 911 ਦਾ ਡਰਾਵਾ ਵੀ ਦੇ ਲੈਂਦਾ ਹੈ ਅਤੇ ਆਪਣੇ ਹੱਕ ਵੀ ਸਮਝਾ ਦਿੰਦਾ ਹੈ, ਉਹ ਉਸ ਜ਼ਮਾਨੇ ਦਾ ਮਾਸੂਮ ਬਚਪਨ ਜਿਸ ਨੂੰ ਸ਼ਾਇਰ ਲੋਕ ਬੱਚੇ ਮਨ ਕੇ ਸੱਚੇ ਕਹਿੰਦੇ ਸਨ, ਅੱਜ ਕਿਤੇ ਲੱਭਿਆਂ ਵੀ ਨਹੀਂ ਲੱਭਦਾ ਅਤੇ ਜਦ ਬਚਪਨ ਹੀ ਸਮੇਂ ਦੇ ਪੁੜ ਵਿਚ ਪਿਸ ਗਿਆ ਹੈ ਤਾਂ ਫਿਰ ਜਵਾਨੀ ਦਾ ਕੀ ਬਣੇਗਾ ਅਤੇ ਬੁਢਾਪੇ ਦਾ ਕੀ ਬਣੇਗਾ। ਇਹ ਤੇ ਸਭ ਨੂੰ ਹੀ ਪਤਾ ਹੈ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਤੇ ਅਨਮੋਲ ਚੀਜ਼ ਸੀ ਬਚਪਨ, ਉਹ ਪਤਾ ਨਹੀਂ ਕਿਥੇ ਤੁਰ ਗਿਆ ਹੈ ਜਾਂ ਲੁਕ ਗਿਆ ਹੈ ਤੇ ਜਾਂ ਫਿਰ ਇਨਸਾਨ ਦੀ ਇਹ ਸਭ ਤੋਂ ਮਹਿੰਗੀ ਚੀਜ਼ ਸ਼ੈਤਾਨ ਨੇ ਚੋਰੀ ਕਰ ਲਈ ਹੈ। ਇਹ ਸ਼ੈਤਾਨ ਤਾਂ ਪੂਰਾ ਬੇਈਮਾਨ ਹੈ। ਇਸ ਨੂੰ ਪਤਾ ਹੈ, ਜਦ ਮੈਂ ਇਨਸਾਨ ਕੋਲੋਂ ਉਸ ਦਾ ਬਚਪਨ ਉਸ ਦੀ ਮਾਸੂਮੀਅਤ ਹੀ ਖੋਹ ਲਵਾਂਗਾ ਤੇ ਜਵਾਨੀ ਆਪਣੇ ਆਪ ਬਰਬਾਦ ਹੋ ਜਾਵੇਗੀ ਤੇ ਜਦ ਜਵਾਨੀ ਦਾ ਸਮਾਂ ਬਰਬਾਦ ਹੋ ਗਿਆ ਤੇ ਬੁਢਾਪਾ ਫਿਰ ਨਰਕ ਹੀ ਭੋਗੇਗਾ। ਸੋ ਇਨਸਾਨ ਕਿੱਥੋਂ ਟੁੱਟ ਕੇ ਕਿਥੇ ਜਾ ਪਹੁੰਚਿਆ ਹੈ। ਅਸੀਂ ਉ¤ਚੀਆਂ ਸਿੱਖਿਆਵਾਂ ਤੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਆਪਣੀਆਂ ਮੰਜ਼ਿਲਾਂ ’ਤੇ ਨਹੀਂ ਪਹੁੰਚ ਰਹੇ ਕਿਉਂਕਿ ਅਸੀਂ ਰਸਤੇ ਤੋਂ ਭਟਕ ਰਹੇ ਹਾਂ। ਅਸਮਾਨ ਉਤੇ ਚੰਨ ਹੁਣ ਵੀ ਚੜ੍ਹਦਾ ਹੈ। ਤਾਰੇ ਹੁਣ ਵੀ ਟਿਮਟਿਮਾਉਂਦੇ ਹਨ। ਠੰਡੀ ਹਵਾ ਪੁਰੇ ਦੀ ਹੁਣ ਵੀ ਵਗਦੀ ਹੈ ਪਰ ਹੁਣ ਕੋਈ ਛੱਤ ’ਤੇ ਨਹੀਂ ਸੌਂਦਾ। ਕੋਈ ਕਹਾਣੀਆਂ ਨਹੀਂ ਪਾਉਂਦਾ ਤੇ ਕੋਈ ਸੁਣਦਾ ਵੀ ਨਹੀਂ। ਪਤਾ ਹੀ ਨਹੀਂ ਲਗਦਾ ਜਿਵੇਂ ਦਿਨ ਅਤੇ ਰਾਤ ਦਾ ਫਰਕ ਹੀ ਮੁੱਕ ਗਿਆ ਹੋਵੇ। ਆਦਮੀ ਅੰਨ੍ਹੇਵਾਹ ਦੌੜੀ ਜਾ ਰਿਹਾ ਹੈ ਤੇ ਉਦੋਂ ਤੱਕ ਦੌੜਦਾ ਹੀ ਰਹੇਗਾ, ਜਦ ਤੱਕ ਉਹ ਸ਼ਾਇਦ ਡਿੱਗ ਨਾ ਪਵੇ। ਆਓ ਨੀਦ ਤੋਂ ਜਾਗੀਏ ਤੇ ਇਨਸਾਨ ਬਣੀਏ ਅਤੇ ਆਪਣੇ ਬੱਚਿਆਂ ਦੇ ਬਚਪਨ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ। ਅੱਜ ਹਰ ਕੋਈ ਕੁਰਲਾ ਰਿਹਾ ਹੈ ਬੱਚੇ ਵਿਗੜ ਗਏ, ਬੱਚੇ ਵਿਗੜ ਗਏ। ਆਓ ਬਚਪਨ ਨੂੰ ਪਿਆਰ ਕਰੀਏ ਤੇ ਬਚਪਨ ਨੂੰ ਸਾਂਭ ਕੇ, ਸੰਭਾਲ ਕੇ ਇਕ ਨਵੀਂ ਦੁਨੀਆ ਬਣਾਈਏ, ਕੋਸ਼ਿਸ਼ ਕਰੀਏ।
Subscribe to:
Post Comments (Atom)
No comments:
Post a Comment