Thursday, November 25, 2010

ਮਨਪ੍ਰੀਤ ਬਾਦਲ ਦੀ ‘ਜਾਗੋ ਪੰਜਾਬ ਯਾਤਰਾ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ

ਜਾਗੋ ਪੰਜਾਬ ਯਾਤਰਾ’ ਦੇ ਆਗਾਜ਼ ਦੌਰਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਬਾਦਲ
ਫ਼ਰੀਦਕੋਟ, 25 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਅੱਜ ਸ਼ੁਰੂ ਕੀਤੀ ਗਈ ‘ਜਾਗੋ ਪੰਜਾਬ ਯਾਤਰਾ’ ਨੂੰ ਸ਼ੁਰੂਆਤੀ ਤੌਰ ’ਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਮਨਪ੍ਰੀਤ ਬਾਦਲ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਇੱਥੇ ਟਿੱਲਾ ਬਾਬਾ ਫਰੀਦ ’ਤੇ ਮੱਥਾ ਟੇਕਿਆ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਆਪਣੇ ਛੇ ਨੁਕਾਤੀ ਪ੍ਰੋਗਰਾਮ ਲਈ ਦਿਨ-ਰਾਤ ਇੱਕ ਕਰ ਦੇਣਗੇ। ਇਸ ਮਗਰੋਂ ਹਿਠਾੜ ਦੇ ਇਲਾਕੇ ਸਾਦਿਕ ਵਿੱਚ ਵੱਡੀ ਰੈਲੀ ਕੀਤੀ। ਇਸ ਵਿੱਚ ਪੰਜਾਬੀ ਲੇਖਕ ਜਸਵੰਤ ਕੰਵਲ, ਨਿੰਦਰ ਘੁਗਿਆਣਵੀ, ਕੁਸ਼ਲਦੀਪ ਸਿੰਘ ਢਿੱਲੋਂ, ਮਨਜਿੰਦਰ ਸਿੰਘ ਕੰਗ, ਜਗਬੀਰ ਸਿੰਘ ਬਰਾੜ, ਬੀਰ ਦਵਿੰਦਰ ਸਿੰਘ, ਕੁਲਦੀਪ ਸਿੰਘ ਢੋਸ, ਗੁਰਪ੍ਰੀਤ ਸਿੰਘ ਭੱਟੀ, ਜਸਪਾਲ ਸਿੰਘ ਮੋੜ, ਨਰੇਸ਼ ਕੁਮਾਰੀ ਬਾਵਾ, ਸੁਖਵਿੰਦਰ ਸਿੰਘ, ਜਸ਼ਨਪ੍ਰੀਤ ਢਿੱਲੋਂ ਸਮੇਤ ਸੈਂਕੜੇ ਆਗੂ ਇੱਥੇ ਪਹੁੰਚੇ। ਇਥੇ ਸ੍ਰੀ ਬਾਦਲ ਨੇ ਆਖਿਆ ਕਿ ਉਨ੍ਹਾਂ ਨੇ ਛੇ ਨੁਕਾਤੀ ਪ੍ਰੋਗਰਾਮ ਪੰਜਾਬ ਦੇ ਲੋਕਾਂ ਸਹਮਣੇ ਰੱਖਿਆ ਹੈ ਜਿਸ ਵਿੱਚ ਸਿਆਸੀ ਸੁਧਾਰ, ਸਮਾਜਿਕ ਸੁਧਾਰ, ਖੇਤੀ ਸੁਧਾਰ, ਆਰਥਿਕ ਸੁਧਾਰ ਅਤੇ ਵਾਤਾਵਰਣ ਸੁਧਾਰ ਮੁੱਖ ਤੌਰ ’ਤੇ ਸ਼ਾਮਲ ਹਨ। ਸ੍ਰੀ ਬਾਦਲ ਨੇ ਆਖਿਆ ਕਿ ਉਸ ਨੇ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਦਲੀਲ ਨੂੰ ਵਿਚਾਰਨ ਦੀ ਥਾਂ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਰੈਲੀ ਨੂੰ ਅਸਫਲ ਕਰਨ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਰਿਹਾ, ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਬਦਲਾਅ ਚਾਹੁੰਦੇ ਹਨ। ਪੰਜਾਬ ਸਰਕਾਰ ਸੱਤਰ ਹਜ਼ਾਰ ਕਰੋੜ ਦਾ ਕਰਜ਼ਾ ਪਿਛਲੇ ਪੰਦਰਾਂ ਸਾਲ ਤੋਂ ਨਹੀਂ ਮੋੜ ਰਹੀ, ਬਲਕਿ ਹਰ ਸਾਲ ਇਸ ਦਾ 800 ਕਰੋੜ ਰੁਪਏ ਵਿਆਜ ਵਾਪਸ ਕਰ ਰਹੀ ਹੈ। ਅਸਤੀਫਾ ਦੇਣ ਤੋਂ ਪਹਿਲਾਂ ਉਸ ਸਾਹਮਣੇ ਇੱਕ ਪਾਸੇ ਪੰਜਾਬ ਦੇ ਕੁਝ ਪੂੰਜੀਪਤੀ ਘਰਾਣੇ, ਸਰਕਾਰੀ ਚੌਧਰ ਅਤੇ ਐਸ਼ੋ-ਆਰਾਮ ਸੀ ਜਦੋਂ ਕਿ ਦੂਸਰੇ ਪਾਸੇ ਮਜਬੂਰ ਤੇ ਮਜ਼ਦੂਰ ਲੋਕ ਅਤੇ ਕਰਜ਼ਾਈ ਪੰਜਾਬ ਸੀ। ਇਸ ਲਈ ਉਸ ਨੇ ਪੰਜਾਬ ਨੂੰ ਰਾਹਤ ਦੁਆਉਣ ਲਈ ਇਹ ਰਾਹ ਚੁਣਿਆ ਹੈ।
ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਆਖਿਆ ਕਿ ਪੰਜਾਬ ਦੀਆਂ ਮੌਜੂਦਾ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਅਤੇ ਇਸ ਦੇ ਸੋਮਿਆਂ ਨੂੰ ਬੁਰੀ ਤਰ੍ਹਾਂ ਲੁੱਟਿਆ ਹੈ, ਨੌਜਵਾਨਾਂ ਨੂੰ ਨਸ਼ੇ, ਬੇਰੁਜ਼ਗਾਰੀ ਅਨਪੜ੍ਹਤਾ ਹੀ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਹੁਣ ਮਨਪ੍ਰੀਤ ਤੋਂ ਕੁਝ ਆਸ ਜਾਗੀ ਹੈ।  ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਮੈਂਬਰ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਹੋਏ ਹਨ ਅਤੇ ਬ੍ਰਹਮਪੁਰਾ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖ ਚੁੱਕੇ ਹਨ। ਇਸ ਕਰਕੇ ਉਨ੍ਹਾਂ ਨੂੰ ਮਨਪ੍ਰੀਤ ਦੀ ਯੋਗਤਾ ਜਾਂ ਉਸ ਦੇ ਵਿਚਾਰਾਂ ਬਾਰੇ ਨੁਕਤਾਚੀਨੀ ਕਰਨ ਦਾ ਕੋਈ ਅਧਿਕਾਰ ਨਹੀਂ।  ਇਸ ਮਗਰੋਂ ਪਿੰਡ ਗੋਲੇਵਾਲਾ ਵਿਖੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ ਆਖਿਆ ਕਿ ਇਹ ਯਾਤਰਾ ਜਿੱਥੇ ਵੀ ਜਾਵੇਗੀ, ਉਸ ਨੂੰ ਇਸ ਤੋਂ ਵੀ ਵੱਡਾ ਹੁੰਗਾਰਾ ਮਿਲੇਗਾ। ਕਿਉਂਕਿ ਉਹ ਪੰਜਾਬ ਵਿੱਚ ਮੁੱਦਿਆਂ ਦੀ ਸਿਆਸਤ ’ਤੇ ਖੁੱਲ੍ਹੀ ਬਹਿਸ ਦਾ ਅਗਾਜ਼ ਕਰਨ ਜਾ ਰਹੇ ਹਨ।
ਮਨਪ੍ਰੀਤ ਬਾਦਲ ਨੇ ਭਰੋਸੇ ਨਾਲ ਆਖਿਆ ਕਿ 265 ਦਿਨਾਂ ਬਾਅਦ ਪੰਜਾਬ ਦੇ ਲੋਕ ਜਾਗ ਜਾਣਗੇ ਅਤੇ ਪੰਜਾਬ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਵਾਰੀ ਨਾਲ ਰਾਜ ਕਰਨ ਦੀ ਪ੍ਰਿਤ ਖਤਮ ਹੋ ਜਾਵੇਗੀ। ਇਸ ਮਗਰੋਂ ਯਾਤਰਾ ਪਿੰਡ ਕੰਮੇਆਣਾ ਪਹੁੰਚੀ ਅਤੇ ਦੇਰ ਸ਼ਾਮ ਫ਼ਰੀਦਕੋਟ ਦੇ ਕਿਲਾ ਚੌਕ ਵਿੱਚ ਲੋਕਾਂ ਦਾ ਵੱਡਾ ਇੱਕਠ ਹੋਇਆ ਜਿਸ ਨੂੰ ਸੰਬੋਧਨ ਕਰਦਿਆਂ ਇਥੋਂ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਖਿਆ ਕਿ ਉਹ ਸਰਕਾਰ ਵਿੱਚ ਸਿਆਸੀ ਸੱਤਾ ਦਾ ਅਨੰਦ ਮਾਣ ਸਕਦਾ ਸੀ ਪਰ ਸਰਕਾਰ ਵੱਲੋਂ ਸੂਬੇ ਅਤੇ ਲੋਕ ਵਿਰੋਧੀ ਬਣਾਈਆਂ ਜਾ ਰਹੀਆਂ ਨੀਤੀਆਂ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਪਾਸੇ ਹੋਣ ਤਾ ਫੈਸਲਾ ਕੀਤਾ ਹੈ। ਯਾਤਰਾ ਵਿੱਚ ਕੋਈ ਤਿੰਨ ਸੌ ਦੇ ਕਰੀਬ ਗੱਡੀਆਂ ਸ਼ਾਮਲ ਹੋਈਆਂ।
* ਜਦੋਂ ਮਨਪ੍ਰੀਤ ਬਾਦਲ ਨੇ ਆਖਿਆ, ‘ਇਹ ਕੋਈ ਨਾਨਕਿਆਂ ਵਾਲੀ ਜਾਗੋ ਨਹੀਂ ਕਿ ਆਪਾਂ ਮੰਜੇ ਮੂਧੇ ਮਾਰਨੇ ਹਨ।‘ ਤਾਂ ਭੀੜ ‘ਚੋਂ ਇੱਕ ਬਜ਼ੁਰਗ ਨੇ ਕਿਹਾ, ‘ਕਾਕਾ ਹੁਣ ਮੰਜੇ ਮੂਧੇ ਨਹੀਂ, ਸਗੋਂ ਰਾਜ ਭਾਗ ਵਾਲੀ ਕੁਰਸੀ ਮੂਧੀ ਮਾਰਾਂਗੇ’।
* ਫਰੀਦਕੋਟ ਦੇ ਕਿਲਾ ਚੌਕ ਵਿੱਚ ਦਿਨ ਦੀ ਆਖਰੀ ਰੈਲੀ ਦੌਰਾਨ ਮਨਪ੍ਰੀਤ ਨੇ ਬੇਹੱਦ ਭਾਵੁਕ ਭਾਸ਼ਣ ਦਿੱਤਾ, ਜਿਸ ਨਾਲ ਰੈਲੀ ਵਿੱਚ ਹਾਜ਼ਰ ਬਹੁਤੇ ਲੋਕ ਰੋ ਪਏ।
* ਬੀਰਦਵਿੰਦਰ ਸਿੰਘ ਨੇ ਆਖਿਆ ਕਿ ਭਾਵੇਂ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਦੀ ਸਥਿਤੀ ਕਾਫੀ ਮਜ਼ਬੂਤ ਹੈ ਪਰ ਤੂਫਾਨ ਸਮੇਂ ਬੜੇ ਮਜ਼ਬੂਤ ਹੱਥਾਂ ‘ਚੋਂ ਵੀ ਚੱਪੂ ਡਿੱਗ ਪੈਂਦਾ ਹੈ।
* ਰੈਲੀ ਖਤਮ ਹੋਣ ਮਗਰੋਂ ਬਜ਼ੁਰਗ ਔਰਤ ਨੇ ਮਨਪ੍ਰੀਤ ਬਾਦਲ ਨੂੰ ਅਰਜ਼ੀ ਦੇ ਕੇ ਬੁਢਾਪਾ ਪੈਨਸ਼ਨ ਲਾਉਣ ਦੀ ਬੇਨਤੀ ਕੀਤੀ ਤਾਂ ਕੁਸ਼ਲਦੀਪ ਢਿੱਲੋਂ ਨੇ ਆਪਣੇ ਕੋਲੋਂ ਹੀ ਇੱਕ ਸਾਲ ਦੀ ਬਣਦੀ ਪੈਨਸ਼ਨ ਉਸ ਨੂੰ ਅਦਾ ਕਰ ਦਿੱਤੀ।
* ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੂੰ ਨੌਜਵਾਨਾਂ ਨੇ ਕਾਫੀ ਸਮਾਂ ਘੇਰੀ ਰੱਖਿਆ ਅਤੇ ਉਸ ਨਾਲ ਵਿਚਾਰ ਚਰਚਾ ਕਰਦੇ ਰਹੇ। ਪਿੰਡਾਂ ਦੇ ਲੋਕ ਅਭੈ ਨੂੰ ਵਿਸ਼ੇਸ਼ ਤੌਰ ’ਤੇ ਮਿਲੇ।
* ਸੁਖਬੀਰ ਬਾਦਲ ਦੀ ਫੇਰੀ ਦੇ ਬਾਵਜੂਦ ਕੁਸ਼ਲਦੀਪ ਢਿੱਲੋਂ ਦੇ ਸਮਰਥਕ ਮਿਊਂਸਪਲ ਕੌਂਸਲਰ, ਸਰਪੰਚ, ਪੰਚ ਅਤੇ ਮੋਹਤਬਰ ਰੈਲੀ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਏ।
* ਹਮੇਸ਼ਾ ਸਮੇਂ ਤੋਂ ਪਹਿਲਾਂ ਪਹੁੰਚਣ ਵਾਲੇ ਮਨਪ੍ਰੀਤ ਬਾਦਲ ਅੱਜ ਸਾਰੇ ਸਮਾਗਮਾਂ ਵਿੱਚ ਲੱਗਭਗ ਦੋ ਘੰਟੇ ਦੀ ਦੇਰੀ ਨਾਲ ਪੁੱਜੇ।

No comments:

Post a Comment